ਨਵੀਂ ਦਿੱਲੀ- ਆਜ਼ਾਦੀ ਦਿਹਾੜੇ ਤੋਂ 3 ਦਿਨ ਪਹਿਲੇ ਦਿੱਲੀ ਪੁਲਸ ਨੇ ਪੂਰਬੀ ਜ਼ਿਲ੍ਹੇ ਤੋਂ ਕਰੀਬ 2 ਹਜ਼ਾਰ ਕਾਰਤੂਸ ਬਰਾਮਦ ਕੀਤੇ ਅਤੇ ਇਸ ਸਿਲਸਿਲੇ ‘ਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਕਮਿਸ਼ਨਰ (ਪੂਰਬੀ ਖੇਤਰ) ਵਿਕਰਮਜੀਤ ਸਿੰਘ ਅਨੁਸਾਰ, ਪਹਿਲੀ ਨਜ਼ਰ ਦੋਸ਼ੀਆਂ ਦੇ ਅਪਰਾਧਕ ਨੈੱਟਵਰਕ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ, ਹਾਲਾਂਕਿ ਉਨ੍ਹਾਂ ਨੇ ਅੱਤਵਾਦੀ ਪਹਿਲੂ ਤੋਂ ਇਨਕਾਰ ਨਹੀਂ ਕੀਤਾ। ਕਮਿਸ਼ਨਰ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ 6 ਲੋਕਾਂ ‘ਚੋਂ 2 ਦੀ ਪਛਾਣ ਰਾਸ਼ਿਦ ਅਤੇ ਅਜਮਲ ਵਜੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਕ ਆਟੋ ਰਿਕਸ਼ਾ ਡਰਾਈਵਰ ਨੇ ਪੁਲਸ ਨੂੰ ਦੋਹਾਂ ਬਾਰੇ ਸੂਚਨਾ ਦਿੱਤੀ ਸੀ। ਸਿੰਘ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ,”ਕੁੱਲ 2,251 ਕਾਰਤੂਸ ਬਰਾਮਦ ਕੀਤੇ ਗਏ ਹਨ। ਸਾਨੂੰ 6 ਅਗਸਤ ਨੂੰ ਇਕ ਆਟੋ ਡਰਾਈਵਰ ਤੋਂ ਇਸ ਦੀ ਸੂਚਨਾ ਮਿਲੀ ਸੀ, ਜਿਸ ਨੇ ਦੋਹਾਂ ਨੂੰ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਛੱਡਿਆ ਸੀ।” ਉਨ੍ਹਾਂ ਕਿਹਾ,”ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 6 ਲੋਕਾਂ ‘ਚੋਂ ਇਕ ਦੋਸ਼ੀ ਦੇਹਰਾਦੂਨ ਦਾ ਵਾਸੀ ਹੈ। ਉਹ ਇਕ ਬੰਦੂਕ ਦੀ ਦੁਕਾਨ ਦਾ ਮਾਲਕ ਹੈ। ਪਹਿਲੀ ਨਜ਼ਰ ਦੋਸ਼ੀਆਂ ਦੇ ਅਪਰਾਧਕ ਨੈੱਟਵਰਕ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ। ਪੁਲਸ ਨੇ ਹਾਲਾਂਕਿ ਪਹਿਲੂ ਤੋਂ ਇਨਕਾਰ ਨਹੀਂ ਕਰ ਰਹੀ ਹੈ।”