ਦਿੱਲੀ ਬੈਠੇ ਕਿਸਾਨਾਂ ਲਈ ‘ਆਪ’ ਦਾ ਅਹਿਮ ਐਲਾਨ, ‘ਸੰਸਦ ‘ਚ ਜ਼ੋਰ-ਸ਼ੋਰ ਨਾਲ ਚੁੱਕਾਂਗੇ ਮੁੱਦੇ’

bhagwant-mann/nawan[unjab.com

ਚੰਡੀਗੜ੍ਹ, 15 ਜੁਲਾਈ (ਦਲਜੀਤ ਸਿੰਘ)- ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਧਰਨੇ ‘ਤੇ ਬੈਠੇ ਕਿਸਾਨਾਂ ਵੱਲੋਂ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ਵਿੱਪ ਕਿ ਉਹ ਸੰਸਦ ਦੇ ਵਿੱਚ ਹੀ ਰਹਿ ਕੇ ਕਿਸਾਨਾਂ ਦੀ ਆਵਾਜ਼ ਚੁੱਕਣਗੇ ਅਤੇ ਕੋਈ ਬਾਈਕਾਟ ਨਹੀਂ ਕਰਨਗੇ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਆਵਾਜ਼ ਸੈਸ਼ਨ ਦੌਰਾਨ ਚੁੱਕਣ ਦਾ ਐਲਾਨ ਕੀਤਾ ਹੈ। ਮੀਡੀਆ ਵਿੱਚ ਜਾਰੀ ਆਪਣੇ ਬਿਆਨ ਰਾਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੀ ਆਈ ਹੈ ਤੇ ਇਸ ਸੰਸਦ ਦੇ ਸੈਸ਼ਨ ਦੌਰਾਨ ਵੀ ਜ਼ੋਰ-ਸ਼ੋਰ ਨਾਲ ਕਿਸਾਨਾਂ ਦੇ ਮੁੱਦੇ ਚੁੱਕੇ ਜਾਣਗੇ।

ਮਾਨ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅੰਨਦਾਤਾ ਕਿਸਾਨ ਦੀ ਆਵਾਜ਼ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਅਤੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੁਹਾਰ ਲਗਾਈ ਜਾਵੇ। ਵਿਰੋਧੀ ਧਿਰਾਂ ਦੇ ਸਾਰੇ ਸੰਸਦ ਮੈਂਬਰਾਂ ਨੂੰ ਮੁਖ਼ਾਤਿਬ ਹੁੰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਨਾਜ਼ੁਕ ਸਮੇਂ ਦੌਰਾਨ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।
ਉਨ੍ਹਾਂ ਵਾਅਦਾ ਕੀਤਾ ਕਿ ਉਹ ਇਸ ਸਬੰਧੀ ਸਾਰੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਲਾਮਬੰਦ ਕਰਨ ਦਾ ਵੀ ਯਤਨ ਕਰਨਗੇ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ

ਸੈਸ਼ਨ ਦੌਰਾਨ ਕਿਸਾਨੀ ਨਾਲ ਸਬੰਧਿਤ ਕਈ ਸਵਾਲ ਵੀ ਦਾਖ਼ਲ ਕੀਤੇ ਹੋਏ ਹਨ ਅਤੇ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਨਾਲ ਉਹ ਕਿਸਾਨਾ ਦੇ ਸਵਾਲ ਵੀ ਚੁੱਕਣਗੇ। ਮੋਦੀ ਸਰਕਾਰ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਦੇਸ਼ ਦਾ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਵੀ ਪਿਛਲੇ ਕਰੀਬ ਇਕ ਸਾਲ ਤੋਂ ਸੜਕਾਂ ‘ਤੇ ਰੁਲ੍ਹਣ ਲਈ ਮਜਬੂਰ ਹੋ ਰਿਹਾ ਹੈ।

Leave a Reply

Your email address will not be published. Required fields are marked *