ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਰਾਸ਼ਟਰਪਤੀ ਚੋਣਾਂ ’ਚ ਐੱਨ. ਡੀ. ਏ. ਉਮੀਦਾਵਰ ਦ੍ਰੋਪਦੀ ਮੁਰਮੂ ਦਾ ਸਮਰਥਨ ਕਰਨ ਦਾ ਫ਼ੈਸਲਾ ਹੋਇਆ । ਉਨ੍ਹਾਂ ਕਿਹਾ ਕਿ ਤਿੰਨ ਘੰਟੇ ਚੱਲੀ ਇਸ ਮੀਟਿੰਗ ’ਚ ਵਿਚਾਰ ਚਰਚਾ ਮਗਰੋਂ ਮੁਰਮੂ ਦਾ ਸਮਰਥਨ ਕਰਨ ’ਤੇ ਫ਼ੈਸਲਾ ਹੋਇਆ। ਗ਼ਰੀਬ, ਘੱਟਗਿਣਤੀਆਂ ਦਾ ਸਮਰਥਨ ਕਰਨਾ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ। ਅਕਾਲੀ ਦਲ ਦੇ ਭਾਵੇਂ ਭਾਜਪਾ ਨਾਲ ਕਿਸਾਨੀ ਮੁੱਦਿਆਂ ਅਤੇ ਤਿੰਨ ਖੇਤੀ ਕਾਨੂੰਨਾਂ ‘ਤੇ ਵਿਚਾਰਾਂ ਦੇ ਮੱਤਭੇਦ ਹਨ ਪਰ ਫਿਰ ਵੀ ਅਸੀਂ ਮੁਰਮੂ ਦਾ ਸਮਰਥਨ ਕਰਾਂਗੇ।
ਮੀਟਿੰਗ ਦੌਰਾਨ ਵਿਚਾਰ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਉਮੀਦਵਾਰ ਜਸਵੰਤ ਸਿਨਹਾ ਦਾ ਸਮਰਥਨ ਨਹੀਂ ਕਰ ਸਕਦਾ ਕਿਉਂਕਿ ਇਸ ਪਾਰਟੀ ਨੇ ਸਿੱਖਾਂ ’ਤੇ ਬਹੁਤ ਜ਼ੁਲਮ ਕੀਤੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਐੱਨ. ਡੀ. ਏ. ਉਮੀਦਵਾਰ ਦ੍ਰੋਪਦੀ ਮੁਰਮੂ ਦਾ ਸਮਰਥਨ ਕਰੇਗਾ। ਉਨ੍ਹਾਂ ਕਿਹਾ ਕਿ ਸਮਰਥਨ ਕਰਨ ਨੂੰ ਲੈ ਕੇ ਬੀਤੇ ਦਿਨ ਵੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦਾ ਉਨ੍ਹਾਂ ਨੂੰ ਫ਼ੋਨ ਆਇਆ ਸੀ। ਅੱਜ ਦ੍ਰੋਪਦੀ ਮੁਰਮੂ ਦਾ ਵੀ ਉਨ੍ਹਾਂ ਨੂੰ ਫ਼ੋਨ ਆਇਆ ਸੀ।