ਸੰਗਰੂਰ – ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਮਾਨ ਨੇ ਆਪਣੇ ਆਪ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਣ ਦੌਰਾਨ ਮਾਨ ਦੀ ਸਿਹਤ ਖ਼ਰਾਬ ਹੋ ਗਈ ਸੀ, ਜਿਸ ਦੌਰਾਨ ਗਲੇ ਦੀ ਖ਼ਰਾਬੀ ਹੋਣ ਕਾਰਨ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ ਹੈ।
ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਸਿਮਰਜੀਤ ਸਿੰਘ ਮਾਨ ਨੇ ਖ਼ੁਦ ਆਪਣੇ ਟਵੀਟਰ ’ਤੇ ਦਿੱਤੀ ਹੈ। ਇਸ ਸਬੰਧ ’ਚ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘‘ਮੈਨੂੰ ਪਿਛਲੇ ਕੁੱਝ ਦਿਨਾਂ ਤੋਂ ਗਲੇ ਵਿੱਚ ਇੰਫੈਕਸ਼ਨ ਹੋ ਰਹੀ ਸੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ।’
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ‘ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਡਾ. ਸਾਹਿਬਾਨਾਂ ਵੱਲੋਂ 7 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਬਾਅਦ ਮੈਂ ਆਮ ਦਿਨਾਂ ਵਾਂਗ ਸੰਗਤ ਦੇ ਦਰਸ਼ਨ ਕਰਾਂਗਾ।’