ਲੁਧਿਆਣਾ— ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 123 ਦਿਨ ਬਾਅਦ ਵੀ ਪੁਲਸ ਦੇ ਹੱਥ ਨਹੀਂ ਲੱਗ ਸਕੇ ਹਨ। ਉਨ੍ਹਾਂ ਦੀ ਦੋਵੇਂ ਜ਼ਮਾਨਤ ਪਟੀਸ਼ਨਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਜਸਟਿਸ ਲੀਜ਼ਾ ਗਿੱਲ ਨੇ ਦਲੀਲਾਂ ਸੁਣਨ ਤੋਂ ਬਾਅਦ ਬੈਂਸ ਦੀ ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਫ਼ੈਸਲਾ ਸੁਣਾਇਆ। 123 ਦਿਨ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤੇ ਹੋ ਚੁੱਕੇ ਹਨ ਪਰ ਪੁਲਸ ਅਜੇ ਤੱਕ ਬੈਂਸ ਨੂੰ ਫੜ ਨਹੀਂ ਸਕੀ ਹੈ। ਮੈਜਿਸਟ੍ਰੇਟ ਹਰਸਿਮਰਨ ਜੀਤ ਕੌਰ ਨੇ 24 ਫਰਵਰੀ 2022 ਨੂੰ ਬੈਂਸ ਅਤੇ ਉਸ ਦੇ ਕੁਝ ਸਾਥੀਆਂ ਨੂੰ ਅਦਾਲਤ ’ਚ ਪੇਸ਼ ਨਾ ਹੋਣ ’ਤੇ ਭਗੌੜਾ ਕਰਾਰ ਦਿੱਤਾ ਸੀ। ਬੈਂਸ ਜਬਰ-ਜ਼ਿਨਾਹ ਮਾਮਲੇ ਅਤੇ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਮੁਲਜ਼ਮ ਹਨ। ਜ਼ਿਲ੍ਹਾ ਸੈਸ਼ਨ ਕੋਰਟ ’ਚ ਸੁਣਵਾਈ ਦੌਰਾਨ ਬੈਂਸ ਗੈਰ-ਹਾਜ਼ਰ ਰਹੇ ਸਨ। ਇਸ ਦੇ ਬਾਅਦ ਅਦਾਲਤ ਨੇ ਭਗੌੜਾ ਕਰਾਰ ਦੇਣ ਦਾ ਫ਼ੈਸਲਾ ਸੁਣਾਇਆ ਸੀ। ਬੈਂਸ ਦੀਆਂ ਦੋਵੇਂ ਜ਼ਮਾਨਤ ਪਟੀਸ਼ਨਾਂ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਸਨ।
ਪਟੀਸ਼ਨਾਂ ਹੋਣ ਤੋਂ ਬਾਅਦ ਹੁਣ ਕਦੇ ਵੀ ਪੁਲਸ ਬੈਂਸ ਦੀ ਗਿ੍ਰਫ਼ਤਾਰੀ ਕਰ ਸਕਦੀ ਹੈ। ਅਜਿਹੇ ’ਚ ਹੁਣ ਸਿਮਰਜੀਤ ਸਿੰਘ ਬੈਂਸ ’ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ, ਜੋ ਕਦੇ ਵੀ ਚੱਲ ਸਕਦੀ ਹੈ।
ਇਸ ਤੋਂ ਪਹਿਲਾਂ ਬੈਂਸ ਨੇ ਜ਼ਿਲ੍ਹਾ ਕੋਰਟ ’ਚ ਦੋਵੇਂ ਮਾਮਲਿਆਂ ’ਚ ਅਗਾਊ ਜ਼ਮਾਨਤ ਦੀ ਪਟੀਸ਼ਨ ਲਗਾਈ ਸੀ, ਜਿਸ ਨੂੰ ਉਸ ਸਮੇਂ ਦੇ ਐਡੀਸ਼ਨਲ ਸੈਸ਼ਨ ਜੱਜ ਰਸ਼ਿਮ ਸ਼ਰਮਾ ਦੀ ਅਦਾਲਤ ਨੇ ਰੱਦ ਕਰ ਦਿੱਤਾ। ਭਗੌੜਾ ਐਲਾਨ ਹੋਣ ਤੋਂ ਬਾਅਦ ਸ਼ਹਿਰ ’ਚ ਸਿਮਰਜੀਤ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਦੇ ਵਾਂਟਿਡ ਪੋਸਟਰ ਲੱਗੇ।