ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ISIS ਅੱਤਵਾਦੀਆਂ ਦਾ ਹਮਲਾ, ਅੰਦਰ ਫਸੇ 15 ਸਿੱਖ, 1 ਦੀ ਮੌਤ

blast/nawanpunjab.com

ਕਾਬੁਲ/ਨਵੀਂ ਦਿੱਲੀ (ਏਜੰਸੀ)- ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੇ ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਅਫ਼ਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਲਗਭਗ 15 ਅਫ਼ਗਾਨ ਸਿੱਖ ਅਤੇ ਹਿੰਦੂ ਫਸ ਗਏ, ਜਦਕਿ 1 ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਭਾਰਤ ਨੇ ਅਫ਼ਗਾਨਿਸਤਾਨ ਦੇ ਕਾਬੁਲ ‘ਚ ਇਕ ਗੁਰਦੁਆਰੇ ‘ਤੇ ਹੋਏ ਹਮਲੇ ਦੀਆਂ ਰਿਪੋਰਟਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਕਾਬੁਲ ਤੋਂ ਆ ਰਹੀਆਂ ਰਿਪੋਰਟਾਂ ਤੋਂ ਬਹੁਤ ਚਿੰਤਤ ਹਾਂ ਜਿਸ ਵਿੱਚ ਕਾਬੁਲ ਵਿੱਚ ਇੱਕ ਗੁਰਦੁਆਰੇ ਉੱਤੇ ਹਮਲੇ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਵਿਸ਼ਵ ਮੰਚ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਕਾਬੁਲ ਤੋਂ ਚਿੰਤਾਜਨਕ ਖ਼ਬਰ ਆ ਰਹੀ ਹੈ ਅਤੇ ਅਣਪਛਾਤੇ ਹਥਿਆਰਬੰਦ ਹਮਲਾਵਰ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਵਿੱਚ ਦਾਖ਼ਲ ਹੋ ਗਏ ਹਨ।

ਚੰਡੋਕ ਨੇ ਕਿਹਾ, “ਮੈਂ ਹੁਣੇ ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲ ਕੀਤੀ ਹੈ। ਉਸ ਨੇ ਰੋਂਦੇ ਹੋਏ ਦੋਸ਼ ਲਾਇਆ ਕਿ ਹਮਲਾਵਰਾਂ ਨੇ ਗੁਰਦੁਆਰੇ ਦੇ ਅੰਦਰ ਰਹਿੰਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਅੱਤਵਾਦੀ ਆਈ.ਐੱਸ.ਆਈ.ਐੱਸ. ਨਾਲ ਸਬੰਧਤ ਹਨ।” ਉਨ੍ਹਾ ਨੇ ਭਾਰਤ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਅਫ਼ਗਾਨ ਘੱਟ ਗਿਣਤੀਆਂ ਨੂੰ ਤੁਰੰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ 6 ਮਹੀਨਿਆਂ ਤੋਂ ਈ-ਵੀਜ਼ੇ ਦੀ ਉਡੀਕ ਕਰ ਰਹੇ ਹਨ। ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਵਿੱਚ ਕਰੀਬ 10-15 ਸਿੱਖ ਫਸੇ ਹੋਏ ਹਨ। ਉਨ੍ਹਾਂ ਕਿਹਾ, ‘ਇਸ ਹਮਲੇ ਵਿੱਚ 1 ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।’

Leave a Reply

Your email address will not be published. Required fields are marked *