ਮਾਨਸਾ, 8 ਜੂਨ- ਅੱਜ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਰੱਖੀ ਗਈ। ਇਸ ਅੰਤਿਮ ਅਰਦਾਸ ਉਪਰੰਤ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਨੂੰ ਚਾਹੁਣ ਵਾਲਿਆਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ, ’29 ਮਈ ਨੂੰ ਅਜਿਹਾ ਮਨਹੂਸ ਦਿਨ ਚੜ੍ਹਿਆ, ਜਿਸ ਦਿਨ ਇਹ ਭਾਣਾ ਵਰਤ ਗਿਆ ਪਰ ਤੁਹਾਡੇ ਪਿਆਰ ਨੇ, ਤੁਹਾਡੇ ਵਲੋਂ ਜੋ ਹੰਝੂ ਵਹਾਏ ਗਏ, ਉਸ ਨੇ ਮੇਰਾ ਦੁੱਖ ਥੋੜਾ ਘੱਟ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇਹ ਘਾਟਾ ਮੈਂ ਆਸਾਨੀ ਨਾਲ ਪੂਰਾ ਜਾਂ ਸਹਿਣ ਕਰ ਲਵਾਂ ਤਾਂ ਇਹ ਬਸ ਕਹਿਣ ਦੀਆਂ ਗੱਲਾਂ ਹੋ ਸਕਦੀਆਂ ਹਨ ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਕਿ ਅੱਜ ਅਸੀਂ ਕਿਥੇ ਪਹੁੰਚ ਗਏ ਹਾਂ।
ਉਨ੍ਹਾਂ ਕਿਹਾ ਕਿ ਸਿੱਧੂ ਇਕ ਸਿੱਧਾ-ਸਾਦਾ ਨੌਜਵਾਨ ਸੀ, ਜਿਵੇਂ ਜੱਟਾਂ ਦੇ ਪੁੱਤ ਹੁੰਦੇ ਹਨ, ਉਸੇ ਤਰ੍ਹਾਂ ਦਾ ਉਸ ਦਾ ਜੀਵਨ ਸੀ। ਨਰਸਰੀ ’ਚ ਜਦੋਂ ਉਹ ਸਕੂਲ ਪੜ੍ਹਨ ਲੱਗਾ, ਉਦੋਂ ਸਾਡੇ ਪਿੰਡੋਂ ਸਕੂਲ ਨੂੰ ਬੱਸ ਵੀ ਨਹੀਂ ਜਾਂਦੀ ਸੀ। ਆਪਣੇ ਸਕੂਟਰ ’ਤੇ ਉਸ ਨੂੰ ਸਕੂਲ ਛੱਡ ਕੇ ਆਉਂਦਾ ਸੀ ਤੇ ਉਸ ਨੇ ਕਦੇ ਵੀ ਮੇਰੇ ਕੋਲੋਂ ਕੁਝ ਨਹੀਂ ਮੰਗਿਆ ਤੇ ਨਾ ਹੀ ਕਦੇ ਕਿਸੇ ਚੀਜ਼ ਦੀ ਜਿੱਦ ਕੀਤੀ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੋਸ਼ਲ ਮੀਡੀਆ ਝੂਠੀਆਂ ਸੱਚੀਆਂ ਖ਼ਬਰਾਂ ਨਾ ਫੈਲਾਓ, ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਦਾ ਮੇਰਾ ਪੁੱਤ ਗਿਆ ਮੈਂ ਫੋਨ ਨੂੰ ਹੱਥ ਨਹੀਂ ਲਾ ਕੇ ਵੇਖਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੋਈ ਗੱਲ ’ਤੇ ਯਕੀਨ ਨਾ ਕਰਿਓ ਜਦ ਤੱਕ ਮੈਂ ਲਾਈਵ ਹੋ ਕੇ ਕੁੱਝ ਨਹੀਂ ਕਹਿੰਦਾ।