ਕਪੂਰਥਲਾ, 13 ਮਈ – ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਇਕ ਵੱਡੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 2 ਮੁਲਜ਼ਮਾਂ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਇਸ ਕਾਰਵਾਈ ਦੌਰਾਨ ਤੀਜਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ’ਚ ਸਥਾਨਕ ਪੁਲਸ ਲਾਈਨ ’ਚ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਡੀ. ਐੱਸ. ਪੀ. (ਡੀ.) ਅੰਮ੍ਰਿਤ ਸਵਰੂਪ ਡੋਗਰਾ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਜਸਬੀਰ ਸਿੰਘ ਨੇ ਪੁਲਸ ਟੀਮ ਦੇ ਨਾਲ ਡੈਣਵਿੰਡ ਮੋਡ਼ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਕਰਤਾਰਪੁਰ ਵੱਲੋਂ ਇਕ ਮੋਟਰਸਾਈਕਲ ’ਤੇ ਤਿੰਨ ਸ਼ੱਕੀ ਨੌਜਵਾਨ ਭਾਰੀ ਮਾਤਰਾ ’ਚ ਹੈਰੋਇਨ ਦੀ ਖੇਪ ਦੇ ਨਾਲ ਕਪੂਰਥਲਾ ਵੱਲ ਆ ਰਹੇ ਹਨ ਤੇ ਉਕਤ ਤਿੰਨੋ ਮੁਲਜ਼ਮ ਹੈਰੋਇਨ ਦੀ ਖੇਪ ਨੂੰ ਵੇਚਣ ਲਈ ਗਾਹਕਾਂ ਦੀ ਤਲਾਸ਼ ਕਰ ਰਹੇ ਹਨ।