ਚਾਰ ਜੱਥੇਬੰਦੀਆਂ ਵੱਲੋਂ ਦਰਬਾਰ-ਏ-ਖਾਲਸਾ ਬਣਾਉਣ ਦਾ ਐਲਾਨ

sikh/nawanpunjab.com

ਜਲੰਧਰ, 2 ਅਪ੍ਰੈਲ (ਬਿਊਰੋ)- ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਵਪਾਰ ਅਤੇ ਉਦਯੋਗ ਮਹਾਸੰਘ ਅਤੇ ਦਲਿਤ ਭਾਈਚਾਰੇ ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਗੁਰਦੁਆਰਾ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਇਕ ਸਾਂਝੀ ਜੱਥੇਬੰਦੀ ‘ਦਰਬਾਰ-ਏ-ਪੰਜਾਬ’ ਬਣਾਉਣ ਦਾ ਐਲਾਨ ਕੀਤਾ ਗਿਆ ਅਤੇ ਇਸ ਅਧੀਨ ਇਕੱਠੇ ਹੋ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ। ਇਥੇ ਪ੍ਰੈੱਸ ਕਾਨਫੰਰਸ ਦੌਰਾਨ ਸੰਬੋਧਨ ਕਰਦਿਆਂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਚਾਰੇ ਜੱਥੇਬੰਦੀਆਂ ਇਸ ਬੈਨਰ ਅਧੀਨ ਜੱਥੇਬੰਦੀ ਦੇ ਚਾਰ ਥੰਮ੍ਹ ਲੋਕ ਅਧਿਕਾਰ ਮਿਸਲ, ਪੰਥਕ ਮਿਸਲ, ਦੀਵਾਨ ਟੋਡਰ ਮੱਲ ਮਿਸਲ ਅਤੇ ਡਾ. ਅੰਬੇਦਕਰ ਮਿਸਲ ਦੇ ਰੂਪ ਵਿਚ ਕੰਮ ਕਰਦੀਆਂ ਰਹਿਣਗੀਆਂ ਅਤੇ ਆਪਣੇ ਚਾਰੇ ਮੌਜੂਦਾ ਪਲੇਟਫਾਰਮ ਦਰਬਾਰ-ਏ-ਪੰਜਾਬ ਦੇ ਥੰਮ੍ਹ ਹੋਣਗੇ।
ਉਨ੍ਹਾਂ ਕਿਹਾ ਕਿ ਦਰਬਾਰ-ਏ-ਪੰਜਾਬ ਉੱਪਰ ਇਕ 7 ਮੈਂਬਰੀ ਸੁਪਰੀਮ ਪੰਚਾਇਤ ਬਣਾਈ ਜਾਵੇਗੀ। ਜਿਸ ਵਿਚ ਪੰਜਾਬ ਦੀਆਂ ਸਤਿਕਾਰਤ ਅਤੇ ਪ੍ਰਵਾਨਿਤ ਸ਼ਖਸੀਅਤਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਇਕ ਮੈਂਬਰ ਪਾਲ ਸਿੰਘ ਫਰਾਂਸ ਨੂੰ ਨਿਯੁਕਤ ਕੀਤਾ ਗਿਆ। ਇਨ੍ਹਾਂ 7 ਮੈਂਬਰਾਂ ਨੂੰ ਜੱਥੇਬੰਦੀ ਉੱਪਰ ਨਿਗਰਾਨੀ ਰੱਖਣ, ਕਿਸੇ ਵੀ ਅਹੁਦੇਦਾਰ ਉੱਪਰ ਕਾਰਵਾਈ ਕਰਨ ਅਤੇ ਸਿਧਾਂਤਕ ਤੌਰ ’ਤੇ ਪਹਿਰਾ ਦੇਣ ਅਤੇ ਉੱਪਰ ਕੁੰਡਾ ਰੱਖਣ ਲਈ ਪੂਰਨ ਤੌਰ ’ਤੇ ਅਧਿਕਾਰ ਹੋਣਗੇ ਅਤੇ 101 ਮੈਂਬਰੀ ਵਰਕਿੰਗ ਕਮੇਟੀ ਬਣਾਈ ਜਾਵੇਗੀ।

ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਤਰੁਣ ਜੈਨ ਬਾਵਾ, ਰਾਮ ਲਾਲ ਸੰਧੂ ਅਤੇ ਵਰਿੰਦਰ ਖਾਰਾ ਐਡਵੋਕੇਟ ਲੁਧਿਆਣਾ ’ਤੇ ਆਧਾਰਿਤ 5 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਜਦਕਿ ਇਸ ਦੌਰਾਨ ਮੀਟਿੰਗ ’ਚ ਲਏ ਗਏ ਫ਼ੈਸਲੇ ਦਾ ਜ਼ਿਕਰ ਕਰਦਿਆਂ ਗੁਰਦੀਪ ਸਿਘ ਬਠਿੰਡਾ ਨੇ ਦੱਸਿਆ ਕਿ ਦਰਬਾਰ-ਏ-ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਪੂਰੀ ਤਾਕਤ ਨਾਲ ਲੜਨ ਦਾ ਐਲਾਨ ਕੀਤਾ। ਇਸ ਲਈ ਦੂਸਰੀਆਂ ਪੰਥਕ ਜੱਥੇਬੰਦੀਆਂ, ਧਾਰਮਿਕ ਸ਼ਖਸੀਅਤਾਂ ਤੇ ਪੰਥਕ ਸ਼ਖਸੀਅਤਾਂ ਨਾਲ ਸਹਿਯੋਗ ਲੈਣ ਅਤੇ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਕੁੱਝ ਉਮੀਦਵਾਰਾਂ ਦਾ ਐਲਾਨ ਇਸ ਮਹੀਨੇ ਦੇ ਅਖੀਰ ’ਚ ਕਰ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਸਥਾਪਤ ਰਾਜਸੀ ਪਾਰਟੀਆਂ ਦੇ ਲੁਟੇਰੇ ਗਿਰੋਹਾਂ ਦੀ ਪੰਜਾਬ ’ਚੋਂ ਜਕੜ ਤੋੜਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਸਭਾ ’ਚ ਪੰਜਾਬ ਤੋਂ ਬਾਹਰ ਦੇ ਅਤੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਨੂੰ ਪੰਜਾਬ ਤੋਂ ਭੇਜਣ ਤੋਂ ਸਪੱਸ਼ਟ ਹੈ ਕਿ ਦਿੱਲੀ ਤੋਂ ਪੰਜਾਬ ਉੱਪਰ ਪੰਜਾਬ ਵਿਰੋਧੀਆਂ ਦੀ ਹਕੂਮਤ ਚੱਲ ਰਹੀ ਹੈ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਰਾਜ ਸਭਾ ਦੇ ਪੰਜਾਬ ਵਿਰੋਧੀ ਮੈਂਬਰਾਂ ਨੂੰ ਚੁਣਨ, ਭਾਖੜਾ ਮੈਨੇਜਮੈਂਟ ਬੋਰਡ ਪੰਜਾਬ ਦੇ ਅਧਿਕਾਰਾਂ ਤੇ ਡਾਕਾ, ਚੰਡੀਗੜ੍ਹ ਨੂੰ ਪੱਕੇ ਤੌਰ ’ਤੇ ਯੂ. ਪੀ. ਬਣਾਉਣ ਦਾ ਵਿਰੋਧ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਕਰਨ, 328 ਸਰੂਪਾਂ ਦਾ ਇਨਸਾਫ਼ ਮੰਗਣ ਵਾਲੇ ਸਤਿਕਾਰ ਕਮੇਟੀਆਂ ਦੇ ਆਗੂਆਂ ਦੀ ਕੁੱਟਮਾਰ ਅਤੇ ਸੁਖਜੀਤ ਸਿੰਘ ਖੋਸਾ ਉੱਪਰ ਝੂਠੇ ਕੇਸ ਬਣਾਉਣ ਅਤੇ ਪਾਕਿਸਤਾਨ ਵਪਾਰਕ ਲਾਂਘਾ ਖੋਲ੍ਹਣ ਲਈ 12 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਵਰਕਰ ਕਨਵੈਨਸ਼ਨ ਕਰ ਕੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਰ ਕੇ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮਰਪਿਤ ਵਰਕਰਾਂ ਦੀ ਫੌਜ ਤਿਆਰ ਕਰਨ ਲਈ ਸਟੱਡੀ ਸਰਕਲ ਅਤੇ ਟਰੇਨਿੰਗ ਕੈਂਪ ਲਾਏ ਜਾਣਗੇ। ਪਹਿਲਾ ਦੋ ਦਿਨਾਂ ਟਰੇਨਿੰਗ ਕੈਂਪ ਫਤਹਿਗੜ੍ਹ ਸਾਹਿਬ ’ਚ 30 ਅਪ੍ਰੈਲ ਅਤੇ 1 ਮਈ ਨੂੰ ਲਗਾਇਆ ਜਾਵੇਗਾ।

Leave a Reply

Your email address will not be published. Required fields are marked *