ਖਟਕੜ ਕਲਾਂ, 23 ਮਾਰਚ (ਬਿਊਰੋ)- ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੀ ਸ਼ਿਕਇਤ ਕਰਨ ਨੂੰ ਲੈ ਕੇ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਰਿਸ਼ਵਤਖੋਰੀ ਅਤੇ ਹਫ਼ਤਾਵਸੂਲੀ ਦੀ ਸ਼ਿਕਾਇਤ ਹੁਣ ਲੋਕ 9501-200-200 ਨੰਬਰ ’ਤੇ ਸ਼ਿਕਾਇਤ ਕਰ ਸਕਦੇ ਹਨ। ਲੋਕ ਇਸ ਵੈਟਸਐਪ ਨੰਬਰ ’ਤੇ ਵੀਡੀਓ ਅਤੇ ਆਡੀਓ ਵੀ ਭੇਜ ਸਕਦੇ ਹਨ, ਜੋਕਿ ਸਿੱਧੀ ਭਗਵੰਤ ਮਾਨ ਦੇ ਕੋਲ ਪਹੁੰਚੇਗੀ। ਉਨ੍ਹਾਂ ਕਿਹਾ ਕਿ ਮੈਨੂੰ ਤਿੰਨ ਕਰੋੜ ਲੋਕਾਂ ਦਾ ਸਾਥ ਚਾਹੀਦਾ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਵਸਟਐਪ ਨੰਬਰ ਜਾਰੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮਨ੍ਹਾ ਨਾ ਕਰੀਓ, ਸਿਰਫ਼ ਉਨ੍ਹਾਂ ਦੀ ਆਡੀਓ ਅਤੇ ਵੀਡੀਓ ਬਣਾ ਕੇ ਜਾਰੀ ਕੀਤੇ ਗਏ ਵਟਸਐਪ ਨੰਬਰ ’ਤੇ ਭੇਜ ਦਿਓ। ਇਸ ਦੇ ਬਾਅਦ ਕਾਰਵਾਈ ਕਰਨ ਉਪਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਹੁਸੈਨੀਵਾਲਾ ਸਮਾਰਕ ਅਤੇ ਖਟਕੜ ਕਲਾਂ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ’ਚ ਭ੍ਰਿਸ਼ਟਾਚਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਘਰ-ਘਰ ਤੱਕ ਸ਼ਹੀਦਾਂ ਦੀ ਸੋਚ ਨੂੰ ਪਹੁੰਚਾਉਣ ਲਈ ਸਾਡਾ ਇਹ ਛੋਟਾ ਜਿਹਾ ਕਦਮ ਹੈ। ਆਉਣ ਵਾਲੇ ਦਿਨਾਂ ’ਚ ਹੋਰ ਵੀ ਐਲਾਨ ਹੋਣਗੇ।