ਫਿਰੋਜ਼ਪੁਰ, 23 ਮਾਰਚ (ਬਿਊਰੋ)- ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਸ਼ਿਰਕਤ ਕਰਨਗੇ। ਇਸ ਮੌਕੇ ਜਿੱਥੇ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉਥੇ ਉਨ੍ਹਾਂ ਦੇ ਅਤਿ ਕਰੀਬੀ ਸਾਥੀ ਬਟੂਕੇਸ਼ਵਰ ਦੱਤ ਅਤੇ ਪੰਜਾਬ ਮਾਤਾ ਨੂੰ ਵੀ ਨਤਮਸਤਕ ਹੋਣਗੇ।
ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ਤਿਆਰੀਆਂ ਵਿਚ ਹੀ ਆਮ ਆਦਮੀ ਪਾਰਟੀ ਦੇ ਦੇਸ਼ ਭਗਤੀ ਵਾਲੇ ਕੇਸਰੀ ਅਤੇ ਪੀਲੇ ਰੰਗ ਸਾਫ਼ ਨਜ਼ਰ ਆ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਥਾਵਾਂ ‘ਤੇ ਲਗਾਏ ਜਾ ਰਹੇ ਟੈਂਟਾਂ ਵਿਚ ਜਿਥੇ ਸਫੈਦ ਰੰਗ ਦੇ ਨਾਲ ਕੇਸਰੀ ਅਤੇ ਪੀਲੇ ਰੰਗ ਦੇ ਕੱਪੜੇ ਨਜ਼ਰ ਆ ਰਹੇ ਹਨ, ਉੱਥੇ ਫੁੱਲਾਂ ਦੀ ਵਰਤੋਂ ਸਮੇਂ ਵੀ ਪੀਲੇ, ਕੇਸਰੀ ਅਤੇ ਸੁਨਹਿਰੀ ਰੰਗ ਦੇ ਫੁੱਲਾਂ ਦੀ ਵੀ ਖ਼ਾਸ ਵਰਤੋਂ ਕੀਤੀ ਗਈ ਹੈ। ਕੁੱਲ ਮਿਲਾ ਕੇ ਇਕ ਤਰ੍ਹਾਂ ਨਾਲ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੂਬੇ ਅੰਦਰ ਹੁਣ ਸ਼ਹੀਦਾਂ ਦੀ ਸੋਚ ਨੂੰ ਪ੍ਰਣਾਏ ਹੋਏ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦਾ ਆਗਾਜ਼ ਹੋ ਚੁੱਕਾ ਹੈ।