ਚੰਡੀਗੜ੍ਹ/ਜਲੰਧਰ, 17 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਤੋਂ ਰਾਜ ਸਭਾ ਭੇਜ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰਭਜਨ ਸਿੰਘ ਨੂੰ ਰਾਜ ਸਭਾ ਸੀਟ ਦੇਣ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ ਅਜੇ ਤਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਰਭਜਨ ਸਿੰਘ ਰਾਜ ਸਭਾ ਜਾਣ ਲਈ ਤਿਆਰ ਹਨ ਪਰ ਅੰਤਿਮ ਫੈਸਲਾ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੈਣਾ ਹੈ।
ਪੰਜਾਬ ਵਿੱਚ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ ਲਈ 14 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਭੇਜੇ ਜਾਣ ਵਾਲੇ ਮੈਂਬਰਾਂ ਨੂੰ 21 ਮਾਰਚ ਤਕ ਨਾਮਜ਼ਦਗੀਆਂ ਦਾਖ਼ਲ ਕਰਨੀਆਂ ਪੈਣਗੀਆਂ। ਅਜਿਹੇ ਵਿੱਚ ਪਾਰਟੀ ਕੋਲ ਰਾਜ ਸਭਾ ਵਿੱਚ ਭੇਜਣ ਲਈ ਮੈਂਬਰਾਂ ਦੀ ਚੋਣ ਕਰਨ ਲਈ ਸਿਰਫ਼ ਪੰਜ ਦਿਨ ਬਚੇ ਹਨ। ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ 117 ‘ਚੋਂ 92 ਸੀਟਾਂ ਮਿਲੀਆਂ ਸਨ। ਅਜਿਹੇ ‘ਚ ਸਾਰੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਹੀ ਮੈਂਬਰ ਰਾਜ ਸਭਾ ਲਈ ਚੁਣੇ ਜਾਣਾ ਤੈਅ ਹੈ।