ਜਲੰਧਰ -ਕ੍ਰਾਂਤੀਕਾਰੀ ਗੁਰੂ, ਸਮੇਂ ਦੇ ਹਾਕਮ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ ਕਹਿਣ ਵਾਲੇ, ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢ ਕੇ ਇਕ ਪ੍ਰਮਾਤਮਾ ਨਾਲ ਜੋੜਨ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ‘ਚ ਗੁ. ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ ਅਤੇ ਗੁਰੂ ਨਾਮਲੇਵਾ ਸੰਗਤ ਦੇ ਸਹਿਯੋਗ ਨਾਲ ਬੀਤੇ ਦਿਨ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ ਰੂਟ ਤੋਂ ਹੁੰਦਾ ਹੋਇਆ ਅਤੇ ਬਾਬੇ ਨਾਨਕ ਦਾ ਸੁਨੇਹਾ ਘਰ-ਘਰ ਪਹੁੰਚਾਉਂਦਾ ਦੇਰ ਰਾਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਹੁੰਚ ਕੇ ਸਮਾਪਤ ਹੋਇਆ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ ਲਗਭਗ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਰੇਲਵੇ ਰੋਡ, ਸੈਂਟਰਲ ਟਾਊਨ, ਮਿਲਾਪ ਰੋਡ, ਫਗਵਾੜਾ ਗੇਟ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਜੇਲ ਚੌਕ, ਬਸਤੀ ਅੱਡਾ, ਅਲੀ ਮੁਹੱਲਾ, ਜੋਤੀ ਚੌਕ, ਰੈਣਕ ਬਜ਼ਾਰ, ਸੈਦਾਂ ਗੇਟ ਅਤੇ ਨਯਾ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ।