ਸਿਲੀਗੁੜੀ, 9 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿੱਚ 4500 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਤੇ ਸੜਕੀ ਖੇਤਰ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇੱਥੇ ‘ਵਿਕਸਿਤ ਭਾਰਤ ਵਿਕਸਿਤ ਪੱਛਮੀ ਬੰਗਾਲ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਾਂਗਰਸ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਮਿਲਣ ਮਗਰੋਂ ਲੰਮੇ ਸਮੇਂ ਤੱਕ ਪੂਰਬੀ ਭਾਰਤ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ, ‘‘ਇੱਕ ਸਮਾਂ ਸੀ ਜਦੋਂ ਰੇਲ ਗੱਡੀਆਂ ਉੱਤਰ-ਪੂਰਬ ਵਿੱਚ ਦਾਖ਼ਲ ਹੁੰਦੀਆਂ ਸਨ ਤਾਂ ਰਫ਼ਤਾਰ ਘੱਟ ਜਾਂਦੀ ਸੀ। ਪਰ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਉੱਤਰੀ ਪੱਛਮੀ ਬੰਗਾਲ ਵਿੱਚ ਰੇਲ ਗੱਡੀਆਂ ਦੀ ਰਫ਼ਤਾਰ ਉਸੇ ਢੰਗ ਨਾਲ ਵਧਾਈ ਜਾਵੇ ਜਿਸ ਤਰ੍ਹਾਂ ਪੂਰੇ ਭਾਰਤ ਵਿੱਚ ਵਧਾਈ ਜਾ ਰਹੀ ਹੈ। ਆਜ਼ਾਦੀ ਮਿਲਣ ਤੋਂ ਲੰਮਾ ਸਮਾਂ ਮਗਰੋਂ ਪੂਰਬੀ ਭਾਰਤ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।’’