ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਪੰਜਾਬ ਦੇ ਨਵੇਂ ਅਹੁਦੇਦਾਰਾਂ ਨੂੰ ਅਗਲੀਆਂ ਚੋਣਾਂ ਲਈ ਹੁਣੇ ਤੋਂ ਡਟਣ ਦਾ ਸੱਦਾ ਦਿੱਤਾ ਹੈ। ‘ਆਪ’ ਦੇ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਜਗਰੂਪ ਸੇਖਵਾਂ, ਵਾਈਸ ਪ੍ਰੈਜ਼ੀਡੈਂਟ ਜਗਦੀਪ ਸਿੰਘ ਕਾਕਾ ਬਰਾੜ, ‘ਆਪ’ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਮਨਜਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਵੀ ਨਾਲ ਸਨ।
ਉਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਕਾਰਪੋਰੇਸ਼ਨ ਅਤੇ ਪੰਚਾਇਤੀ ਚੋਣਾਂ ਹੋਣੀਆਂ ਹਨ। ਉਸ ਤੋਂ ਬਾਅਦ ਅਗਲੇ ਸਾਲ ਦੇ ਸ਼ੁਰੂ ਵਿਚ ਲੋਕ ਸਭਾ ਦੀਆਂ ਆਮ ਚੋਣ ਪ੍ਰਸਤਾਵਿਤ ਹਨ, ਇਸ ਲਈ ਸੰਗਠਨ ਨੂੰ ਮਜ਼ਬੂਤੀ ਦਿੰਦੇ ਹੋਏ ਹੁਣ ਤੋਂ ਹੀ ਕਮਰ ਕੱਸਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਚੋਣਾਂ ਸਰਕਾਰ ਅਤੇ ਪਾਰਟੀ ਲਈ ਅਹਿਮ ਹਨ, ਇਸ ਲਈ ਸਾਰੇ ਅਹੁਦੇਦਾਰਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਜਨਤਾ ਤਕ ਪਹੁੰਚਾਉਣੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੁਣੇ ਜਿਹੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤੀ ਹੈ ਅਤੇ ਜਨਤਾ ਨੇ ਸਰਕਾਰ ਦੀ 14-15 ਮਹੀਨਿਆਂ ਦੀ ਕਾਰਗੁਜ਼ਾਰੀ ’ਤੇ ਮੋਹਰ ਲਾਈ ਹੈ। ਜਲੰਧਰ ਵਿਚ ਜੋ ਹਾਂਪੱਖੀ ਮਾਹੌਲ ਬਣਿਆ ਹੈ, ਉਸ ਨੂੰ ਸਾਰਿਆਂ ਨੇ ਮਿਲ ਕੇ ਅੱਗੇ ਲਿਜਾਣਾ ਹੈ ਤਾਂ ਜੋ ਪਾਰਟੀ ਕਾਰਪੋਰੇਸ਼ਨ ਤੇ ਪੰਚਾਇਤੀ ਚੋਣਾਂ ਦੇ ਨਾਲ-ਨਾਲ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਵੀ ਜਿੱਤ ਹਾਸਲ ਕਰ ਸਕੇ।
ਇਸ ਮੌਕੇ ’ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜਨਤਾ ਵਿਚਕਾਰ ਲੈ ਕੇ ਜਾ ਰਹੇ ਹਾਂ। ਸਰਕਾਰ ਨੇ ਜਿੱਥੇ ਭ੍ਰਿਸ਼ਟਾਚਾਰ ’ਤੇ ਰੋਕ ਲਾਈ ਹੈ, ਉਥੇ ਹੀ ਦੂਜੇ ਪਾਸੇ ਜਨਤਾ ਨੂੰ ਮੁਫਤ ਬਿਜਲੀ ਦਾ ਲਾਭ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜ਼ਮੀਨੀ ਪੱਧਰ ਤਕ ਸੰਗਠਨ ਨੂੰ ਮਜ਼ਬੂਤੀ ਦੇਣ ਦੀ ਮੁਹਿੰਮ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਜਨਤਾ ਵਿਚਾਲੇ ਲਿਜਾਇਆ ਜਾਵੇਗਾ।