ਭੋਪਾਲ- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ 2 ਮਾਲ ਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ, ਜਦੋਂ ਕਿ ਰੇਲਵੇ ਦੇ ਤਿੰਨ ਹੋਰ ਕਰਮੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਰੇਲ ਗੱਡੀ ਦੀਆਂ ਕਈ ਬੋਗੀਆਂ ਪਲਟ ਗਈਆਂ ਅਤੇ ਇਕ ਇੰਜਣ ‘ਚ ਅੱਗ ਲੱਗ ਗਈ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਟਰੈਕ ਨੂੰ ਖ਼ਾਲੀ ਕਰਵਾਉਣ ਲਈ ਰੇਲਵੇ ਅਧਿਕਾਰੀ ਹਰਕਤ ‘ਚ ਆ ਗਏ।
ਰਿਪੋਰਟਸ ਅਨੁਸਾਰ ਹਾਦਸਾ ਸਿਗਨਲ ਓਵਰਸ਼ੂਟ ਕਾਰਨ ਹੋਇਆ। ਜਿੱਥੇ ਇਕ ਰੇਲ ਗੱਡੀ ਪੱਟੜੀ ‘ਤੇ ਰੁਕੀ, ਉੱਥੇ ਹੀ ਉਲਟ ਦਿਸ਼ਾ ਤੋਂ ਆ ਰਹੀ ਦੂਜੀ ਰੇਲ ਗੱਡੀ ਉਸ ‘ਚ ਜਾ ਵੱਜੀ। ਘਟਨਾ ਸ਼ਹਿਰਡੋਲ ਜ਼ਿਲ੍ਹੇ ਦੇ ਸਿੰਘਪੁਰ ਰੇਲਵੇ ਸਟੇਸ਼ਨ ਨੇੜੇ ਵਾਪਰੀ, ਜੋ ਦੱਖਣ-ਪੂਰਬੀ ਮੱਧ ਰੇਲਵੇ ਡਿਵੀਜ਼ਨ ਦੇ ਅਧੀਨ ਆਉਂਦਾ ਹੈ। ਘਟਨਾ ਦੇ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਰੁਕੀ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਪੱਟੜੀਆਂ ਸਾਫ਼ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਕੁਝ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ।